Mela
Jazim Sharma
Mela Lyrics Penned by Surjit Patar
ਇਹ ਮੇਲਾ ਹੈ
ਹੈ ਜਿੱਥੋਂ ਤੱਕ ਨਜ਼ਰ ਜਾਂਦੀ
ਤੇ ਜਿੱਥੋਂ ਤੱਕ ਨਹੀਂ ਜਾਂਦੀ
ਇਹਦੇ ਵਿਚ ਲੋਕ ਸ਼ਾਮਲ ਨੇ
ਇਹਦੇ ਵਿਚ ਲੋਕ
ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ
ਇਹ ਮੇਲਾ ਹੈ
ਇਹਦੇ ਵਿਚ ਧਰਤ ਸ਼ਾਮਲ, ਬਿਰਖ, ਪਾਣੀ, ਪੌਣ ਸ਼ਾਮਲ ਨੇ
ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ
ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ
ਇਹਦੇ ਵਿਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ
ਇਹਦੇ ਵਿਚ ਲੋਕ—ਮਨ ਦਾ ਸਿਰਜਿਆ ਮਿਥਹਾਸ ਸ਼ਾਮਲ ਹੈ
ਇਹਦੇ ਵਿਚ ਸਿਦਕ ਸਾਡਾ, ਸਬਰ, ਸਾਡੀ ਆਸ ਸ਼ਾਮਲ ਹੈ
ਇਹਦੇ ਵਿਚ ਸ਼ਬਦ, ਸੁਰਤੀ , ਧੁਨ ਅਤੇ ਅਰਦਾਸ ਸ਼ਾਮਲ ਹੈ
ਤੇ ਤੈਨੂੰ ਕੁਝ ਪਤਾ ਹੀ ਨਈਂ
ਇਹਦੇ ਵਿਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ
ਇਹਦੇ ਵਿਚ ਹਿੰਦੂ ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ
ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਿਲ ਹੈ
ਇਹ ਮੇਲਾ ਹੈ
ਇਹ ਹੈ ਇਕ ਲਹਿਰ ਵੀ , ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ
ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ ਟਸ਼ਨ ਵੀ ਤਾਂ ਹੈ
ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ
ਤੇ ਤੈਨੂੰ ਕੁਝ ਪਤਾ ਹੀ ਨਈ
ਇਹਦੇ ਵਿਚ ਕੌਣ ਸ਼ਾਮਿਲ ਨੇ
ਨਹੀਂ ਇਹ ਭੀੜ ਨਈਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ
ਇਹ ਤੁਰਦੇ ਵਾਕ ਦੇ ਵਿਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ
ਇਹ ਸ਼ੋਭਾ—ਯਾਤਰਾ ਤੋ ਵੱਖਰੀ ਹੈ ਯਾਤਰਾ ਕੋਈ
ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫ਼ਿਲਾ ਕੋਈ
ਇਹ ਮੈਂ ਨੂੰ ਛੋੜ ਆਪਾਂ ਤੇ ਅਸੀ ਵੱਲ ਜਾ ਰਿਹਾ ਕੋਈ
ਇਹਦੇ ਵਿਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ
ਇਹਦੇ ਵਿਚ ਸੂਫ਼ੀਆਂ ਫੱਕਰਾਂ ਦੇ ਚੌਦਾਂ ਤਬਕ ਸ਼ਾਮਲ ਨੇ
ਤੁਹਾਨੂੰ ਗੱਲ ਸੁਣਾਉਨਾਂ ਇਕ, ਬੜੀ ਭੋਲੀ ਤੇ ਮਨਮੋਹਣੀ
ਅਸਾਨੂੰ ਕਹਿਣ ਲੱਗੀ ਕੱਲ੍ਹ ਇਕ ਦਿੱਲੀ ਦੀ ਧੀ ਸੁਹਣੀ
ਤੁਸੀਂ ਜਦ ਮੁੜ ਗਏ ਏਥੋਂ, ਬੜੀ ਬੇਰੌਣਕੀ ਹੋਣੀ
ਭੀੜ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ
ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ
ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ
ਅਸੀਂ ਫਿਰ ਕੀ ਕਰਾਂਗੇ
ਤਾਂ ਸਾਡੇ ਨੈਣ ਨਮ ਹੋ ਗਏ
ਇਹ ਕੈਸਾ ਨਿਹੁੰ ਨਵੇਲਾ ਹੈ
ਇਹ ਮੇਲਾ ਹੈ
ਤੁਸੀਂ ਪਰਤੋ ਘਰੀਂ, ਰਾਜ਼ੀ ਖੁਸ਼ੀ ,ਹੈ ਇਹ ਦੁਆ ਹਮੇਰੀ
ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ, ਹੈ ਇਹ ਦੁਆ ਮੇਰੀ
ਤੁਸੀ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ
ਨਵੇਂ ਅਹਿਸਾਸ, ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ
ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ
ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ
ਮੁੜ ਮਿਲਣੇ ਦਾ ਵੇਲਾ ਹੈ
ਇਹ ਮੇਲਾ ਹੈ
ਹੈ ਜਿੱਥੋਂ ਤੱਕ ਨਜ਼ਰ ਜਾਂਦੀ
ਤੇ ਜਿੱਥੋਂ ਤੱਕ ਨਹੀਂ ਜਾਂਦੀ
ਇਹਦੇ ਵਿਚ ਲੋਕ ਸ਼ਾਮਲ ਨੇ
ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਿਲ ਨੇ
ਇਹ ਮੇਲਾ ਹੈ
ਇਹਦੇ ਵਿਚ ਧਰਤ ਸ਼ਾਮਿਲ, ਬਿਰਖ, ਪਾਣੀ, ਪੌਣ ਸ਼ਾਮਲ ਨੇ
ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ
ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ
ਇਹ ਮੇਲਾ ਹੈ